Thursday, May 20, 2010

## ਅੱਜ ਦੀ ਔਰਤ ਨੂੰ ##


ਤੈਨੂੰ ਸਾਈਆਂ ਤਖ਼ਤ ਬਿਠਾਇਆ ਸੀ
ਬੇਵੱਸ ਦਾ ਦਰਦ ਵੰਡਾਇਆ ਸੀ
ਸਿਰ ਢਕ ਕੇ ਦੋਜ਼ਖ ਢਾਇਆ ਸੀ
ਨੱਥ ਭੰਨ੍ਹ ਕੇ ਖੜ੍ਹਗ ਫੜ੍ਹਾਇਆ ਸੀ...

ਜੀਹਨੂੰ ਕੁੱਲ ਜਹਾਨ ਨੇ ਭੰਡਿਆ ਸੀ
'ਰਾਜੇ ਦੀ ਜਨਣੀ' ਵਰ ਦਿੱਤਾ
ਜੋ ਸੂਤਕ ਕਹਿ-ਕਹਿ ਕੁੜ੍ਹਦਾ ਸੀ
ਓਹਨੂੰ ਇੱਕ ਸ਼ਬਦ ਨਾਲ ਸਰ ਲਿੱਤਾ...

ਗੜ੍ਹ ਭੰਨ੍ਹਿਆਂ ਓਸ ਗੁਲਾਮੀ ਦਾ
ਜੀਹਨੇ ਸਦੀਆਂ ਤੋਂ ਬੰਨ੍ਹ ਰੱਖਿਆ ਸੀ
ਮਾਈ ਭਾਗੋ ਨੇ ਜਦ ਤੇਗ ਵਾਹੀ
ਓਹਨੇ 'ਪਰਦਾ ਉਠਦਾ' ਤੱਕਿਆ ਸੀ...

ਕਦੇ ਬੈਠ ਚਿਖ਼ਾ 'ਤੇ ਸੜਦੀ ਰਹੀ
ਜਾਂ ਪਰਦੇ ਹੇਠ ਹੀ ਧੁਖ਼ਦੀ ਰਹੀ
ਜਾਂ ਪਿਓ ਦਾ ਰਾਜ ਬਚਾਵਣ ਲਈ
ਜੋ ਗਾਈਆਂ ਵਾਂਗਰ ਵਿਕਦੀ ਰਹੀ...

ਖੰਡੇ ਦੀ ਧਾਰ ਚੋਂ ਚਖ਼ ਅੰਮ੍ਰਿਤ
ਜਦ ਸ਼ਸਤਰਧਾਰੀ ਕੌਰ ਹੋਈ
ਫਿਰ ਰਹੀ ਜੂਝਦੀ ਰਣ-ਤੱਤੇ
ਬਾਣੀ ਪੜ੍ਹ ਹੋਰ ਦੀ ਹੋਰ ਹੋਈ...

ਸੁਖਮਨੀ ਸਾਹਿਬ ਦੀ ਮਧੁਰ ਧੁਨੀ
ਓਹਦੇ ਸਵਾਸਾਂ ਦੇ ਵਿੱਚ ਵਸਦੀ ਸੀ
ਸੀ ਸਹਿਜ ਅਡੋਲ ਤੇ 'ਮਨ ਨੀਵਾਂ-
ਮਤ ਉਚੀ' ਕਰ ਕੇ ਰਖਦੀ ਸੀ...

ਓਹਨੂੰ ਸਾਈਆਂ ਤਖ਼ਤ ਬਿਠਾਇਆ ਸੀ
ਬੇਵੱਸ ਦਾ ਦਰਦ ਵੰਡਾਇਆ ਸੀ
ਸਿਰ ਢਕ ਕੇ ਦੋਜ਼ਖ ਢਾਇਆ ਸੀ
ਨੱਥ ਭੰਨ ਕੇ ਖੜ੍ਹਗ ਫੜ੍ਹਾਇਆ ਸੀ...



ਸੁਰਿੰਦਰ ਸਿੰਘ
 singh84@math.iitb.ac.in


4 comments: