Thursday, October 28, 2010

## ਮਾਲ੍ਹਸ਼ੇਜਘਾਟ ਦੇ ਨਾਂ ##

this poem on Malshej-Ghat came when I witnessed its lofty rugged hills with uncountable number of cascading waterfalls, on a heavy rainfall..... it was surreal !! 

 

ਜਦ ਪਹਿਲੀ ਵਾਰ ਨਿਹਾਰਿਆ  
ਮੈਂ ਦੂਰੋਂ ਤੇਰਾ ਸ਼ਿੰਗਾਰ ...
ਕੋਈ ਸੱਜ-ਵਿਆਹੀ ਉਡੀਕਦੀ
ਮਾਹੀਏ ਨੂੰ ਬਾਹਾਂ ਪਸਾਰ ...


ਇਕ ਸੱਦ-ਇਲਾਹੀ ਗੂੰਜਦੀ
ਤੇਰੇ ਸੀਨਿਓਂ ਰਹੀ ਪੁਕਾਰ ...
ਮੈਥੋਂ ਵੱਧ ਇਹ ਜਾਣਦੀ
ਤੇਰੀ ਓਹ ਕੂੰਜਾਂ ਦੀ ਡਾਰ ...


ਤੇਰੀ ਬੁੱਕਲ ਬੈਠ ਚਲੂਲਿਆ
ਮੈਂ ਪਾਇਆ ਏਹਾ ਪਿਆਰ ...
ਤੈਂ ਜਨਣੀ ਵਾਂਗ ਦੁਲਾਰਿਆ
ਮੇਰੀ ਰੂਹ ਤੱਕ ਲਿੱਤੀ ਸਾਰ ...


ਜਦ ਲੱਗੀ ਝੜੀ ਸਵੱਲੜੀ
ਮੀਂਹ ਵਰ੍ਹਿਆ ਤੇਜ ਫੁਹਾਰ ...   
ਕੋਈ ਗਾਮੇਂ ਵਰਗਾ ਪਹਿਲਵਾਨ
ਇਓਂ ਤਣਿਆ ਤੇਰਾ ਪਹਾੜ ...
ਵੇ ਮੈਂ ਰੱਜ-ਰੱਜ ਕੇ ਹੁਣ ਤੱਕ ਲਵਾਂ
 ਇਹ ਜੋ ਰੋਮ-ਰੋਮ ਰਸ-ਧਾਰ ...
ਕਿਸ ਕਸਰਤ ਮਗਰੋਂ ਮੁੜ੍ਹਕਿਆ
ਵੇ ਤੇਰਾ ਪਿੰਡਾ ਨੋਂ-ਨੁਹਾਰ ...
ਇਨ੍ਹਾਂ ਲੱਖਾਂ  ਝਰਨਿਆਂ ਛੇੜਿਆ
ਜਿਓਂ ਛਿੜਿਆ ਰਾਗ ਮਲ੍ਹਾਰ ...
ਵਾਹ ! ਲੱਗੀ ਝੜੀ ਸਵੱਲੜੀ
ਮੀਂਹ ਵਰ੍ਹਿਆ ਤੇਜ-ਫੁਹਾਰ ...  

ਆਹ ! ਮਿਠੜੀ ਵਾ ਮਹਿਕਾਇਆ
ਮੇਰੇ ਮਨ ਦਾ ਲਾਹ ਤਾ ਭਾਰ ...
ਕੁਝ ਹਰਫ਼ ਹਿਰਦਿਓਂ ਵਗ ਤੁਰੇ
ਇਕ ਬਾਲ ਜਿਹੀ ਕਿਲਕਾਰ ...

ਮੈਨੂੰ ਆਪਣੇ ਵਾਂਗ ਵਿਗਾਸ ਦੇ
ਵਿਸਮਾਦੀਂ  ਹੋਣ ਦੀਦਾਰ ...
ਤੇਰੇ ਵਾਂਗ ਰਹਾਂ ਮੈਂ ਰੁਮਕਦਾ
ਨਾ ਛੂਹੇ ਕੋਈ ਵਿਕਾਰ ...

ਸੁਰਿੰਦਰ ਸਿੰਘ
singh84@math.iitb.ac.in
Read more!