Tuesday, July 20, 2010

## ਸੁਪਨੇ ਵਿੱਚ ਜਦ ਮਾਹੀ ਮਿਲਿਆ ##


ਬਿਖੜੇ ਪੰਧ ਬਥੇਰੇ ਲੰਘੇ
ਥਾਂ-ਥਾਂ ਠੇਡੇ ਖਾ-ਖਾ ਹੰਢੇ
ਦੂਰ ਮੋੜ ਤੇ ਯਾਰ ਦਿਸੇੰਦਾ
ਤੇ ਪੱਬ ਧਰਦਿਆਂ ਵਾਜ ਪਈ...
ਸੁਪਨੇ ਵਿੱਚ ਜਦ ਮਾਹੀ ਮਿਲਿਆ
ਮੇਰੀ ਸੁੱਤੀ ਕਵਿਤਾ ਜਾਗ ਪਈ .....

ਓਹ ਲਫਜ਼ ਉਤਾਰੇ ਅਰਸ਼ਾਂ ਤੋਂ
ਮੈਂ ਕਰਾਂ ਉਡੀਕਾਂ ਫਰਸ਼ਾਂ ਤੋਂ
ਕਰ ਸੀਨੇ ਨੂੰ ਮਦਹੋਸ਼ ਜਿਹਾ
ਮੇਰੀ ਰੂਹ ਤੀਕਰ ਸੋਗਾਤ ਗਈ...
ਸੁਪਨੇ ਵਿੱਚ ਜਦ ਪ੍ਰੀਤਮ ਤ੍ਰੁਠਿਆ
ਮੇਰੀ ਬਿਹਬਲ ਕਵਿਤਾ ਜਾਗ ਪਈ ....

ਮੱਸਿਆ ਦੀ ਰਾਤ ਹਨੇਰਾ ਸੀ
ਕੋਈ ਚਾਨਣ ਜਿਹਾ ਚੰਨ ਮੇਰਾ ਸੀ
ਮੈਂ ਫਿਰਾਂ ਟਟੋਲਾਂ ਹਰ ਨੁੱਕਰੇ
ਇਕ ਨਿਮਖ ਚ' ਐਸੀ ਝਾਤ ਪਈ....
ਸੁਪਨੇ ਵਿੱਚ ਜਦ ਚਾਨਣ ਤੱਕਿਆ
ਮੇਰੀ ਬੇਵੱਸ ਕਵਿਤਾ ਜਾਗ ਪਈ ...

ਰੂਹ ਸੱਸੀ ਥਲਾਂ ਚ' ਤਪਦੀ ਰਹੀ
ਬਸ ਭਟਕ-ਭਟਕ ਕੇ ਖਪਦੀ ਰਹੀ
ਓਸ ਨਿਰਮੋਹੀ ਜਿਹੇ ਪੁੰਨੂੰ ਤੋਂ
ਮੈਨੂੰ ਚੜ੍ਹਦੇ ਸੂਰਜ ਰਾਤ ਪਈ...
ਸੁਪਨੇ ਵਿੱਚ ਜਦ ਪੁੰਨੂੰ ਦਿਸਿਆ
ਮੇਰੀ ਬਿਰਹੋਂ ਕਵਿਤਾ ਜਾਗ ਪਈ....
ਮੇਰੇ ਹਿਜ਼ਰ ਦੀ ਸੱਸੀ ਜਾਗ ਪਈ....

ਇਕ ਹਾੜ੍ਹਾ ਮਨ ਤੇ ਪਾ ਛਡਿਆ
ਅੱਖੀਆਂ ਦਾ ਨੀਰ ਸੁਕਾ ਛਡਿਆ
ਸਾਂ ਬੂੰਦ-ਬੂੰਦ ਨੂੰ ਤਰਸ ਰਹੀ
ਰਿਮਝਿਮ-ਰਿਮਝਿਮ ਬਰਸਾਤ ਪਈ...
ਸੁਪਨੇ ਵਿੱਚ ਢੋਲਾ ਗਲ ਮਿਲਿਆ
ਮੈਂ ਧੁਰ ਅੰਦਰ ਤੱਕ ਜਾਗ ਪਈ ...

ਸੁਪਨੇ ਵਿੱਚ ਜਦ ਮਾਹੀ ਮਿਲਿਆ
ਮੇਰੀ ਸੁੱਤੀ ਕਵਿਤਾ ਜਾਗ ਪਈ .....


ਸੁਰਿੰਦਰ ਸਿੰਘ
singh84@math.iitb.ac.in

Read more!